ਦਮਾ, ਗਰਭ ਅਵਸਥਾ ਦੌਰਾਨ ਹੋਣ ਵਾਲੀ ਸਭ ਤੋਂ ਆਮ ਸਿਹਤ ਸਮੱਸਿਆ ਹੁੰਦੀ ਹੈ।
ਬਦਕਿਸਮਤੀ ਨਾਲ, ਜੇਕਰ ਗਰਭ ਅਵਸਥਾ ਦੌਰਾਨ ਦਮੇ ਨੂੰ ਚੰਗੀ ਤਰ੍ਹਾਂ ਕਾਬੂ ਵਿੱਚ ਨਾ ਲਿਆ ਜਾਵੇ, ਤਾਂ ਇਹ ਮਾਂ ਅਤੇ ਬੱਚੇ ਦੋਵਾਂ ਲਈ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਜਦੋਂ ਦਮੇ ਨੂੰ ਚੰਗੀ ਤਰ੍ਹਾਂ ਨਿਯੰਤਰਿਤ ਨਹੀਂ ਕੀਤਾ ਜਾਂਦਾ ਹੈ, ਤਾਂ ਗਰਭਵਤੀ ਔਰਤਾਂ ਨੂੰ ਹੇਠ ਲਿਖਿਆਂ ਸਮੱਸਿਆਵਾਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ:
- ਗਰਭਕਾਲੀ ਸ਼ੂਗਰ – ਇੱਕ ਅਜਿਹੀ ਡਾਕਟਰੀ ਅਵਸਥਾ ਜਿਸ ਵਿੱਚ ਖੂਨ ਦੇ ਪ੍ਰਵਾਹ ਵਿੱਚ ਬਹੁਤ ਜ਼ਿਆਦਾ ਗਲੂਕੋਜ਼ (ਖੰਡ) ਹੋ ਜਾਂਦੀ ਹੈ
- ਪ੍ਰੀ-ਐਕਲੈਂਪਸੀਆ (Pre-eclampsia) – ਇਸ ਵਿੱਚ ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਹੋਣਾ ਸ਼ਾਮਲ ਹੈ ਅਤੇ ਇਹ ਬਹੁਤ ਗੰਭੀਰ ਹੋ ਸਕਦਾ ਹੈ
ਬੱਚੇ ਨੂੰ ਹੇਠ ਲਿਖੀਆਂ ਚੀਜ਼ਾਂ ਹੋ ਸਕਦੀਆਂ ਹਨ:
- 37 ਹਫ਼ਤਿਆਂ ਤੋਂ ਪਹਿਲਾਂ ਪੈਦਾਇਸ਼ ਹੋ ਜਾਣਾ
- ਜਨਮ ਸਮੇਂ ਭਾਰ ਦਾ ਘੱਟ ਹੋਣਾ
- ਹਸਪਤਾਲ ਵਿੱਚ ਵਾਧੂ ਸਮਾਂ ਬਿਤਾਉਣ ਦੀ ਲੋੜ ਪੈਣੀ
ਚੰਗੀ ਖ਼ਬਰ ਇਹ ਹੈ, ਕਿ ਜਦੋਂ ਤੁਹਾਡੇ ਦਮੇ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ, ਤਾਂ ਬਹੁਤ ਸੰਭਾਵਨਾ ਹੁੰਦੀ ਹੈ ਕਿ ਤੁਹਾਡੀ ਗਰਭ ਅਵਸਥਾ ਸਿਹਤਮੰਦ ਹੋਵੇਗੀ। ਆਪਣੇ ਦਮੇ ਦੀ ਦੇਖਭਾਲ ਕਰਨਾ, ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਨਾਲ ਤੁਸੀਂ ਆਪਣੇ ਬੱਚੇ ਨੂੰ ਦਮਾ ਹੋਣ ਦੇ ਖ਼ਤਰੇ ਨੂੰ ਘਟਾ ਸਕਦੇ ਹੋ।
ਕੀ ਗਰਭ ਅਵਸਥਾ ਮੇਰੇ ਦਮੇ ਨੂੰ ਪ੍ਰਭਾਵਤ ਕਰੇਗੀ?
ਜਦੋਂ ਤੁਸੀਂ ਗਰਭਵਤੀ ਹੋ ਜਾਂਦੇ ਹੋ ਤਾਂ ਦਮੇ ਦੇ ਲੱਛਣ ਬਦਲ ਸਕਦੇ ਹਨ। ਹਰ 3 ਵਿੱਚੋਂ 1 ਔਰਤ ਲਈ, ਲੱਛਣ ਹੋਰ ਜ਼ਿਆਦਾ ਵਿਗੜ ਜਾਂਦੇ ਹਨ।
ਇਸ ਜਾਣਕਾਰੀ ਨੂੰ ਪੜ੍ਹ ਕੇ ਅਤੇ ਆਪਣੇ ਡਾਕਟਰ ਨਾਲ ਮਿਲ ਕੇ, ਤੁਸੀਂ ਆਪਣੀ ਵਧੀਆ ਤਿਆਰੀ ਕਰ ਸਕਦੇ ਹੋ।
ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਦਮਾ ਨਿਯੰਤਰਣ ਵਿੱਚ ਹੈ?
- ਤੁਸੀਂ ਆਪਣੀਆਂ ਸਾਰੀਆਂ ਆਮ ਗਤੀਵਿਧੀਆਂ ਕਰ ਪਾ ਰਹੇ ਹੋ।
- ਦਮੇ ਦੇ ਲੱਛਣਾਂ ਨਾਲ ਰਾਤ ਨੂੰ ਤੁਹਾਡੀ ਨੀਂਦ ਨਹੀਂ ਖੁੱਲਦੀ
- ਜੇਕਰ ਤੁਹਾਨੂੰ ਦਮੇ ਦੇ ਲੱਛਣ ਹੁੰਦੇ ਹਨ, ਤਾਂ ਉਹ ਹਫ਼ਤੇ ਵਿੱਚ 2 ਦਿਨਾਂ ਤੋਂ ਵੱਧ ਨਹੀਂ ਹੁੰਦੇ
- ਤੁਹਾਨੂੰ ਹਰ ਹਫ਼ਤੇ 2 ਦਿਨਾਂ ਤੋਂ ਵੱਧ ਆਪਣੀ ਰਾਹਤ ਵਾਲੀ ਦਵਾਈ (reliever medication) ਦੀ ਵਰਤੋਂ ਕਰਨ ਦੀ ਲੋੜ ਨਹੀਂ ਪੈਂਦੀ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਗਰਭ ਅਵਸਥਾ ਦੌਰਾਨ ਤੁਹਾਡਾ ਦਮਾ ਨਿਯੰਤਰਣ ਵਿੱਚ ਨਹੀਂ ਹੈ ਤਾਂ ਛੇਤੀ ਤੋਂ ਛੇਤੀ ਮਦਦ ਲਓ।
ਗਰਭ ਅਵਸਥਾ ਦੌਰਾਨ ਆਪਣੇ ਦਮੇ ਦੀ ਦੇਖਭਾਲ ਲਈ ਮੈਂ ਕੀ ਕਰ ਸਕਦੀ ਹਾਂ?
- ਆਪਣੇ ਦਮੇ ਬਾਰੇ ਨਿਯਮਿਤ ਤੌਰ ‘ਤੇ ਆਪਣੇ ਡਾਕਟਰ ਨੂੰ ਮਿਲੋ (ਹਰ 4-6 ਹਫ਼ਤਿਆਂ ਬਾਅਦ), ਭਾਵੇਂ ਤੁਸੀਂ ਠੀਕ ਵੀ ਮਹਿਸੂਸ ਕਰ ਰਹੇ ਹੋ।
- ਲਿਖਤੀ ਅਸਥਮਾ ਐਕਸ਼ਨ ਪਲਾਨ (ਕੀ ਕੀਤਾ ਜਾਵੇ ਉਸਦੀ ਇੱਕ ਯੋਜਨਾ) ਪ੍ਰਾਪਤ ਕਰਨ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ। ਜੇਕਰ ਤੁਹਾਡੇ ਕੋਲ ਪਹਿਲਾਂ ਹੀ ਇਹ ਤਿਆਰ ਕੀਤੀ ਹੋਈ ਪਈ ਹੈ, ਤਾਂ ਆਪਣੀ ਗਰਭ ਅਵਸਥਾ ਦੇ ਸ਼ੁਰੂ-ਸ਼ੁਰੂ ਵਿੱਚ ਹੀ, ਆਪਣੇ ਡਾਕਟਰ ਨੂੰ ਇਸਦੀ ਸਮੀਖਿਆ ਕਰਨ ਲਈ ਕਹੋ।
- ਆਪਣੇ obstetrician (ਪ੍ਰਸੂਤੀ ਡਾਕਟਰ) ਅਤੇ/ਜਾਂ ਦਾਈ ਨੂੰ ਦੱਸੋ ਕਿ ਤੁਹਾਨੂੰ ਦਮਾ ਹੈ। ਉਨ੍ਹਾਂ ਨੂੰ ਆਪਣੀ ਲਿਖਤੀ ਅਸਥਮਾ ਐਕਸ਼ਨ ਪਲਾਨ ਦੀ ਇੱਕ ਕਾਪੀ ਦਿਓ।
- ਆਪਣੇ ਡਾਕਟਰ ਜਾਂ ਨਰਸ ਤੋਂ ਪਤਾ ਕਰੋ ਕਿ ਤੁਸੀਂ ਆਪਣੇ ਇਨਹੇਲਰ (ਸਾਹ ਲੈਣ ਦੇ ਜੰਤਰ) ਦੀ ਸਹੀ ਵਰਤੋਂ ਕਰ ਰਹੇ ਹੋ ਕਿ ਨਹੀਂ। ਜੇਕਰ ਇਹ ਤੁਹਾਡੀ ਡਿਵਾਈਸ ਨਾਲ ਢੁੱਕਵਾਂ ਹੋਵੇ, ਤਾਂ ਸਪੇਸਰ ਦੀ ਵਰਤੋਂ ਕਰੋ। ਆਸਟ੍ਰੇਲੀਆ ਦੀ ਨੈਸ਼ਨਲ ਅਸਥਮਾ ਕੌਂਸਲਅਤੇ ਅਸਥਮਾ ਆਸਟ੍ਰੇਲੀਆ ਵੈੱਬਸਾਈਟਾਂ ਉੱਤੇ ਵੱਖ-ਵੱਖ ਕਿਸਮਾਂ ਦੇ ਇਨਹੇਲਰਾਂ ਦੀ ਸਹੀ ਵਰਤੋਂ ਕਰਨ ਬਾਰੇ ਵੀਡੀਓ ਦਿੱਤੀਆਂ ਗਈਆਂ ਹਨ।
- ਤੁਹਾਡੇ ਡਾਕਟਰ ਦੁਆਰਾ ਤੁਹਾਨੂੰ ਦਿੱਤੀ ਗਈ ਦਮੇ ਦੀ ਦਵਾਈ ਲੈਂਦੇ ਰਹੋ। ਇਹ ਦਮੇ ਦੇ ਹਮਲੇ/ਭੜਕਣ ਨੂੰ ਰੋਕਣ ਲਈ ਮਹੱਤਵਪੂਰਨ ਹੈ। ਜੇਕਰ ਤੁਹਾਨੂੰ ਯਾਦ ਰੱਖਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਕੋਸ਼ਿਸ਼ ਕਰ ਕੇ ਆਪਣੇ ਇਨਹੇਲਰ ਨੂੰ ਆਪਣੇ ਟੂਥਬਰਸ਼ ਦੇ ਕੋਲ ਰੱਖੋ ਜਾਂ ਆਪਣੇ ਫ਼ੋਨ ‘ਤੇ ਅਲਾਰਮ ਲਗਾਉ।
- ਆਪਣੇ ਟੀਕਿਆਂ ਨਾਲ ਅੱਪ-ਟੂ-ਡੇਟ ਰਹੋ (ਸਾਰੇ ਉਪਲਬਧ ਟੀਕੇ ਲਗਵਾ ਕੇ ਰੱਖੋ)। ਵਾਇਰਲ ਲਾਗਾਂ (ਇਨਫੈਕਸ਼ਨ) ਜਿਵੇਂ ਕਿ ਫਲੂ, ਦਮੇ ਦੇ ਭੜਕਣ ਜਾਂ ਦਮੇ ਦੇ ਹਮਲੇ ਦਾ ਕਾਰਨ ਬਣ ਸਕਦੀਆਂ ਹਨ। ਵੈਕਸੀਨ (ਟੀਕਾਕਰਨ) ਨਵਜੰਮੇ ਬੱਚਿਆਂ ਨੂੰ ਬਿਮਾਰ ਹੋਣ ਤੋਂ ਸੁਰੱਖਿਆ ਵੀ ਦਿੰਦੀ ਹੈ।
- ਤੰਬਾਕੂ ਦੇ ਧੂੰਏਂ ਤੋਂ ਬਚੋ। ਜੇਕਰ ਤੁਸੀਂ ਸਿਗਰਟ ਪੀਂਦੇ ਹੋ, ਤਾਂ ਇਹ ਤੁਹਾਡੇ ਦਮੇ ਨੂੰ ਵਿਗੜ ਸਕਦਾ ਹੈ। ਤੁਹਾਡਾ ਡਾਕਟਰ ਸਿਗਰਟਨੋਸ਼ੀ ਛੱਡਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਗਰਭ ਅਵਸਥਾ ਦੌਰਾਨ ਜਾਂ ਉਸਤੋਂ ਬਾਅਦ, ਧੂੰਏਂ ਦੇ ਆਲੇ-ਦੁਆਲੇ ਹੋਣਾ ਵੀ ਨਵੇਂ-ਜੰਮੇ ਬੱਚਿਆਂ ਅਤੇ ਬੱਚਿਆਂ ਲਈ ਮਾੜਾ ਹੁੰਦਾ ਹੈ। ਇਹ ਬੱਚਿਆਂ ਨੂੰ ਸਾਹ ਲੈਣ ਵਿੱਚ ਸਮੱਸਿਆ ਹੋਣ ਦੀ ਸੰਭਾਵਨਾ ਨੂੰ ਵੀ ਵਧਾ ਸਕਦਾ ਹੈ।
- ਸਿਹਤਮੰਦ ਭੋਜਨ ਖਾਣ, ਕਸਰਤ ਕਰਨ ਅਤੇ ਉਨ੍ਹਾਂ ਚੀਜ਼ਾਂ ਤੋਂ ਬਚਣ ਲਈ ਆਪਣੀ ਪੂਰੀ ਕੋਸ਼ਿਸ਼ ਕਰੋ ਜੋ ਤੁਹਾਡੇ ਦਮੇ ਨੂੰ ਹੋਰ ਵਿਗਾੜਦੀਆਂ ਹਨ (ਜਿਵੇਂ ਕਿ ਉਹ ਚੀਜ਼ਾਂ ਜਿਨ੍ਹਾਂ ਤੋਂ ਤੁਹਾਨੂੰ ਐਲਰਜੀ ਹੈ, ਧੂੜ, ਬਾਹਰ ਦਾ ਧੂੰਆਂ ਵਗੈਰਾ)। ਜੇਕਰ ‘ਹੇ ਫੀਵਰ’ (hay fever) / ਐਲਰਜੀਆਂ ਤੁਹਾਡੇ ਦਮੇ ਦੇ ਸ਼ੁਰੂ ਹੋਣ ਦਾ ਕਾਰਣ ਬਣਦੇ ਹਨ, ਤਾਂ ਇਨ੍ਹਾਂ ਦੇ ਇਲਾਜ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।
ਜੇਕਰ ਮੇਰਾ ਦਮਾ ਵਿਗੜ ਜਾਵੇ ਤਾਂ ਮੈਂ ਕੀ ਕਰਾਂ?
- ਆਪਣੇ ਲਿਖਤੀ ਅਸਥਮਾ ਐਕਸ਼ਨ ਪਲਾਨ ਦੀ ਪਾਲਣਾ ਕਰੋ ਜਾਂ ਲੱਛਣਾਂ ਦੀ ਜਾਂਚ ਕਰਨ ਅਤੇ ਕੀ ਕਦਮ ਚੁੱਕਣੇ ਹਨ ਇਹ ਦੇਖਣ ਲਈ ਅਸਥਮਾ ਆਸਟ੍ਰੇਲੀਆ ਦੇ ਅਸਥਮਾ ਮੁੱਢਲੀ ਚਿਕਿਤਸਾਗਾਈਡ (ਮਾਰਗਦਰਸ਼ਕ) ਦੀ ਵਰਤੋਂ ਕਰੋ।
- ਜੇਕਰ ਤੁਹਾਡੇ ਲੱਛਣ ਠੀਕ ਨਹੀਂ ਹੁੰਦੇ ਹਨ ਤਾਂ ਐਂਬੂਲੈਂਸ ਬੁਲਾਉਣ ਲਈ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ। ਯਾਦ ਨਾਲ ਐਂਬੂਲੈਂਸ ਅਤੇ ਐਮਰਜੈਂਸੀ ਸਟਾਫ਼ ਨੂੰ ਦੱਸੋ ਕਿ ਤੁਸੀਂ ਗਰਭਵਤੀ ਹੋ।
- ਜੇਕਰ ਆਪਣੇ ਅਸਥਮਾ ਐਕਸ਼ਨ ਪਲਾਨ ਦੀ ਪਾਲਣਾ ਕਰਨ ਤੋਂ ਬਾਅਦ ਤੁਹਾਡੇ ਲੱਛਣਾਂ ਵਿੱਚ ਸੁਧਾਰ ਹੋਇਆ ਹੈ – ਤਾਂ ਵੀ ਜਲਦੀ ਹੀ ਆਪਣੇ ਡਾਕਟਰ ਨੂੰ ਮਿਲਣਾ ਮਹੱਤਵਪੂਰਨ ਹੈ।
ਕੀ ਗਰਭ ਅਵਸਥਾ ਦੌਰਾਨ ਦਮੇ ਦੀ ਦਵਾਈ ਲੈਣੀ ਸੁਰੱਖਿਅਤ ਹੈ?
ਦਮੇ ਦੀਆਂ ਜ਼ਿਆਦਾਤਰ ਦਵਾਈਆਂ ਗਰਭ ਅਵਸਥਾ ਅਤੇ ਦੁੱਧ ਚੁੰਘਾਉਣ ਦੌਰਾਨ ਲੈਣ ਲਈ ਸੁਰੱਖਿਅਤ ਹਨ। ਉਹ ਤੁਹਾਡੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੀਆਂ।
ਗਰਭਵਤੀ ਹੋਣ ਸਮੇਂ ਤੁਸੀਂ ਜਿਹੜੀ ਦਵਾਈ ਲੈ ਰਹੇ ਹੋ, ਤੁਹਾਡਾ ਡਾਕਟਰ ਉਸ ਵਿੱਚ ਫੇਰ-ਬਦਲ ਕਰ ਸਕਦਾ ਹੈ। ਪਰ ਜੇ ਤੁਹਾਡਾ ਡਾਕਟਰ ਤੁਹਾਡੀ ਦਮੇ ਦੀ ਦਵਾਈ ਬੰਦ ਕਰ ਦਿੰਦਾ ਹੈ, ਤਾਂ ਤੁਹਾਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕਿਉਂ ਅਤੇ/ਜਾਂ ਦੂਜੀ ਰਾਏ ਲੈ ਲੈਣੀ ਚਾਹੀਦੀ ਹੈ।
ਜੇਕਰ ਤੁਸੀਂ ਆਪਣੇ ਡਾਕਟਰ ਦੁਆਰਾ ਪ੍ਰਵਾਨਿਤ ਦਮੇ ਦੀਆਂ ਦਵਾਈਆਂ ਦੀ ਵਰਤੋਂ ਕਰਕੇ ਆਪਣੇ ਦਮੇ ਨੂੰ ਚੰਗੀ ਤਰ੍ਹਾਂ ਨਿਯੰਤਰਣ ਵਿੱਚ ਰੱਖਦੇ ਹੋ, ਤਾਂ ਇਹ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸਭ ਤੋਂ ਵਧੀਆ ਗੱਲ ਹੈ। ਇਹ ਯਕੀਨੀ ਬਣਾਏਗਾ ਕਿ ਤੁਹਾਡੇ ਅਤੇ ਤੁਹਾਡੇ ਬੱਚੇ ਦੇ ਆਕਸੀਜਨ ਦੇ ਪੱਧਰ ਸਿਹਤਮੰਦ ਪੱਧਰ ‘ਤੇ ਰਹਿੰਦੇ ਹਨ।
ਮੈਨੂੰ ਆਪਣੇ ਦਮੇ ਬਾਰੇ ਆਪਣੇ ਡਾਕਟਰ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
- ਕੀ ਤੁਸੀਂ ਕਿਰਪਾ ਕਰਕੇ ਜਾਂਚ ਕਰ ਸਕਦੇ ਹੋ ਕਿ ਮੈਂ ਆਪਣੇ ਅਸਥਮਾ ਇਨਹੇਲਰ ਅਤੇ/ਜਾਂ ਨੱਕ ਦੇ ਸਪਰੇਅ ਦੀ ਸਹੀ ਵਰਤੋਂ ਕਰ ਰਹੀ ਹਾਂ ਜਾਂ ਨਹੀਂ?
- ਕੀ ਮੇਰੇ ਕੋਲ ਇੱਕ ਲਿਖਤੀ ਅਸਥਮਾ ਐਕਸ਼ਨ ਪਲਾਨ (ਕੀ ਕੀਤਾ ਜਾਵੇ ਉਸਦੀ ਇੱਕ ਯੋਜਨਾ) ਹੈ? (ਜਾਂ ਕੀ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਲਿਖਤੀ ਅਸਥਮਾ ਐਕਸ਼ਨ ਪਲਾਨ ਦੀ ਜਾਣਕਾਰੀ ਨਵੀਨਤਮ ਹੈ ਕਿ ਨਹੀਂ?)
- ਕੀ ਤੁਸੀਂ ਮੈਨੂੰ ਮੇਰੀਆਂ ਮੌਜੂਦਾ ਦਵਾਈਆਂ ਦੀ ਸੂਚੀ ਦੇ ਸਕਦੇ ਹੋ, ਜੋ ਮੈਂ ਮੇਰੇ ਦਮੇ ਦੇ ਐਕਸ਼ਨ ਪਲਾਨ ਦੇ ਨਾਲ, ਆਪਣੀ ਪਹਿਲੀ/ਅਗਲੀ, antenatal appointment (ਜਨਮ ਤੋਂ ਪਹਿਲਾਂ ਦੀ ਡਾਕਟਰੀ ਮੁਲਾਕਾਤ) ਵਿੱਚ ਆਪਣੇ ਨਾਲ ਲੈ ਕੇ ਜਾ ਸਕਾਂ?
- ਮੈਂ ਕਿਵੇਂ ਦੱਸ ਸਕਦੀ ਹਾਂ ਕਿ ਕੀ ਮੇਰਾ ਦਮਾ ਚੰਗੀ ਤਰ੍ਹਾਂ ਨਿਯੰਤਰਣ ਵਿੱਚ ਹੈ?
- ਜੇਕਰ ਮੇਰਾ ਦਮਾ ਵਿਗੜ ਜਾਂਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
- ਜੇਕਰ ਮੈਨੂੰ ਗਰਭ ਅਵਸਥਾ ਦੌਰਾਨ ਦਮੇ ਦਾ ਗੰਭੀਰ ਦੌਰਾ ਪੈਂਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਅਸਥਮਾ ਐਕਸ਼ਨ ਪਲਾਨ ਕੀ ਹੈ?
ਅਸਥਮਾ (ਦਮਾ) ਐਕਸ਼ਨ ਪਲਾਨ ਤੁਹਾਡੇ ਦਮੇ ਦਾ ਪ੍ਰਬੰਧਨ ਕਰਨ ਬਾਰੇ ਸਪੱਸ਼ਟ ਨਿਰਦੇਸ਼ਾਂ ਦਾ ਇੱਕ ਸਮੂਹ ਹੁੰਦਾ ਹੈ। ਇਹ ਤੁਹਾਡੇ ਡਾਕਟਰ ਦੁਆਰਾ, ਤੁਹਾਡੀ ਸ਼ਮੂਲੀਅਤ ਦੇ ਨਾਲ ਲਿਖਿਆ ਗਿਆ ਹੈ। ਅਸਥਮਾ ਐਕਸ਼ਨ ਪਲਾਨ ਦਾ ਟੀਚਾ ਤੁਹਾਡੇ ਦਮੇ ਦੇ ਲੱਛਣਾਂ ਨੂੰ ਰੋਕਣਾ ਅਤੇ ਉਨ੍ਹਾਂ ਉੱਪਰ ਨਿਯੰਤਰਣ ਰੱਖਣਾ ਹੁੰਦਾ ਹੈ। ਗਰਭਵਤੀ ਔਰਤਾਂ ਸਮੇਤ, ਦਮਾ ਹੋਏ ਹਰ ਵਿਅਕਤੀ ਕੋਲ ਇੱਕ ਅਸਥਮਾ ਐਕਸ਼ਨ ਪਲਾਨ ਹੋਣਾ ਚਾਹੀਦਾ ਹੈ।
ਕੀ ਜਣੇਪੇ ਅਤੇ ਜਨਮ ਦੇ ਦੌਰਾਨ ਮੇਰਾ ਦਮਾ ਵਿਗੜ ਜਾਵੇਗਾ?
ਅਜਿਹਾ ਬਹੁਤ ਵਿਰਲਿਆਂ ਹੀ ਹੁੰਦਾ ਹੈ। ਜੇਕਰ ਦਮੇ ਦੇ ਲੱਛਣ ਜਣੇਪੇ ਦੌਰਾਨ ਹੋ ਹੀ ਜਾਂਦੇ ਹਨ, ਤਾਂ ਆਮ ਤੌਰ ‘ਤੇ ਉਨ੍ਹਾਂ ਦਾ ਇਲਾਜ ਦਮੇ ਦੀਆਂ ਆਮ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ।
ਦਮੇ ਬਾਰੇ ਮੈਨੂੰ ਹੋਰ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?
ਅਸਥਮਾ ਆਸਟ੍ਰੇਲੀਆ ਇੱਕ ਮੁਫ਼ਤ ਫ਼ੋਨ ਸੇਵਾ ਚਲਾਉਂਦੀ ਹੈ ਜਿਸ ਉੱਤੇ ਸਿਖਲਾਈ ਪ੍ਰਾਪਤ ਅਸਥਮਾ ਸਿੱਖਿਅਕ, ਦਮੇ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਜੇਕਰ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) (ਟਿਸ ਨੈਸ਼ਨਲ) ਨੂੰ 131 450 ‘ਤੇ ਫ਼ੋਨ ਕਰੋ ਅਤੇ ਉਨ੍ਹਾਂ ਨੂੰ ਅਸਥਮਾ ਆਸਟ੍ਰੇਲੀਆ ਨਾਲ 1800 278 462 ‘ਤੇ ਗੱਲ ਕਰਾਉਣ ਲਈ ਕਹੋ।